ਪੰਜਾਬ ਦੇ ਮੇਲੇ ਅਤੇ ਤਿਓਹਾਰ | Festivals of Punjab
ਭੂਮਿਕਾ – ਮੇਲੇ ਜਾਂ ਤਿਓਹਾਰ ਕਿਸੇ ਵੀ ਸਮਾਜ ਦਾ ਸ਼ੀਸ਼ਾ ਹੁੰਦੇ ਹਨ। ਇਨ੍ਹਾਂ ਤੋਂ ਕਿਸੇ ਵੀ ਸਮਾਜ ਦੇ ਸੱਭਿਆਚਾਰ ਦੀ ਝਲਕ ਪੈਂਦੀ ਹੈ । ਪੰਜਾਬ ਨੂੰ ਤਾਂ ਮੇਲਿਆਂ ਦੀ ਧਰਤੀ ਕਿਹਾ ਜਾਂਦਾ ਹੈ। ਪੰਜਾਬ ਦਾ ਸੱਭਿਆਚਾਰ ਏਨਾ ਅਮੀਰ ਤੇ ਪੁਰਾਣਾ ਹੈ ਕਿ ਇਹ ਲੋਕਾਂ ਦੀ ਨਸ-ਨਸ ਵਿੱਚ ਵੱਸਿਆ ਹੋਇਆ ਹੈ। ਪੰਜਾਬ ਦੇ ਮੇਲੇ ਅਤੇ ਤਿਓਹਾਰ ਇਸ ਦੀ ਪਛਾਣ ਹਨ। ਇਸ ਦਾ ਕਾਰਨ ਹੈ ਪੰਜਾਬੀ ਲੋਕ ਮੇਲਿਆਂ ਨੂੰ ਦਿਲੋਂ ਮਨਾਉਂਦੇ ਹਨ। ਕਹਿੰਦੇ ਹਨ ਕਿ ਜਦੋਂ ਪੰਜਾਬੀ ਗੱਭਰੂ ਤੇ ਮੁਟਿਆਰਾਂ ਸਜ-ਧਜ ਕੇ ਨੱਚਦੇ-ਗਾਉਂਦੇ, ਹਾਸੇ-ਠੱਠੇ ਕਰਦੇ ਮੇਲਿਆਂ ਨੂੰ ਜਾਂਦੇ ਹਨ ਤਾਂ ਇਹ ਕਿਸੇ ਲਾੜੇ ਜਾਂ ਲਾੜੀ ਨਾਲੋਂ ਘੱਟ ਪ੍ਰਤੀਤ ਨਹੀਂ ਹੁੰਦੇ।
ਮੇਲਿਆਂ ਦਾ ਕਾਫ਼ਲਾ – ਮੇਲਿਆਂ ਦਾ ਇਹ ਕਾਫ਼ਲਾ ਪੰਜਾਬ ਦੀਆਂ ਰੁੱਤਾਂ, ਦਿਨਾਂ, ਵਾਰਾਂ, ਕਿਸਾਨਾਂ ਦੀਆਂ ਫ਼ਸਲਾਂ ਆਦਿ ਨਾਲ ਜੁੜਿਆ ਹੋਇਆ ਹੈ। ਜਿਵੇਂ ਹਰ ਮਹੀਨੇ ਆਉਣ ਵਾਲੇ ਦਿਨ ਮੱਸਿਆ, ਪੁੰਨਿਆ, ਸੰਗਰਾਂਦ, ਇਕਾਦਸ਼ੀ, ਪੰਚਮੀ ਆਦਿ ਤਿਓਹਾਰਾਂ ਦੇ ਰੂਪ ਵਿਚ ਮਨਾਏ ਜਾਂਦੇ ਹਨ। ਇਨ੍ਹਾਂ ਦਿਨਾਂ ਵਿਚ ਮੰਦਰਾਂ, ਗੁਰਦੁਆਰਿਆਂ ਵਿਚ ਸ਼ਰਧਾਲੂਆਂ ਦੀ ਕਾਫ਼ੀ ਭੀੜ ਹੋ ਜਾਂਦੀ ਹੈ। ਇਸੇ ਤਰ੍ਹਾਂ ਕੁਝ ਕੌਮੀ ਤਿਓਹਾਰ ਜਿਵੇਂ ਦਿਵਾਲੀ, ਹੋਲੀ, ਦੁਸਹਿਰਾ, ਰੱਖੜੀ, ਵਿਸਾਖੀ ਵੀ ਪੰਜਾਬ ਵਿਚ ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ।
ਗੁਰੂ ਸਾਹਿਬਾਂ ਦੇ ਸਲਾਨਾ ਗੁਰਪੁਰਬ, ਪੀਰਾਂ ਦੀਆਂ ਦਰਗਾਹਾਂ ‘ਤੇ ਲੱਗਣ ਵਾਲੇ ਮੇਲੇ ਵੀ ਪੰਜਾਬੀ ਜੋਸ਼ ਨਾਲ ਮਨਾਉਂਦੇ ਹਨ। ਪਿੰਡਾਂ-ਸ਼ਹਿਰਾਂ ਵਿਚ ਵੀ ਸ਼ੀ ਕ੍ਰਿਸ਼ਨ ਜਨਮ-ਅਸ਼ਟਮੀ, ਰਾਮ ਨੌਵੀਂ, ਸ਼ਿਵਰਾਤਰੀ ਆਦਿ ਸ਼ੋਭਾ ਯਾਤਰਾਵਾਂ ਕੱਢ ਕੇ ਅਤੇ ਵੱਡੇ-ਵੱਡੇ ਦੀਵਾਨ ਸਜਾ ਕੇ ਮਨਾਏ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਕੁਝ ਖਾਸ ਕਿਸਮ ਦੇ ਸਥਾਨਕ ਮੇਲੇ ਹਰ ਪਿੰਡ, ਸ਼ਹਿਰ ਵਿਚ ਮਨਾਏ ਜਾਂਦੇ ਹਨ।
ਪੰਜਾਬ ਮੇਲਿਆਂ ਦੀ ਧਰਤੀ – ਪੰਜਾਬ ਮੇਲਿਆਂ ਦੀ ਧਰਤੀ ਅਖਵਾਉਂਦੀ ਹੈ, ਕਿਉਂਕਿ ਇਹ ਮੇਲੇ ਹੀ ਪੰਜਾਬੀਆਂ ਦੀ ਰੂਹ ਦੀ ਖੁਰਾਕ ਹਨ। ਪੰਜਾਬ ਵਿਚ ਪੰਜਾਬ ਦੇ ਸਥਾਨਕ ਮੇਲਿਆਂ ਦਾ ਕਾਫ਼ਲਾ ਚੇਤ ਮਹੀਨੇ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਇਸ ਮਹੀਨੇ ਨਵੇਂ ਸੰਮਤ ਦਾ ਤਿਓਹਾਰ ਮਨਾਇਆ ਜਾਂਦਾ ਹੈ।ਚੇਤ ਮਹੀਨੇ ਅੱਠਵੀਂ ਨੂੰ ਦੇਵੀ ਮਾਤਾ ਦੀਆਂ ਕੰਜਕਾਂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਪਹਿਲਾਂ ਸੀਤਲਾ ਮਾਤਾ ਨੂੰ ਖੁਸ਼ ਕਰਨ ਲਈ ਮਿੱਠੀਆਂ ਰੋਟੀਆਂ ਪਕਾ ਕੇ ਮੰਦਰਾਂ ਵਿਚ ਸ਼ਰਧਾਲੂ ਜਾਂਦੇ ਹਨ। ਮਾਲਵੇ ਜਰਗ ਦਾ ਮੇਲਾ ਇਸੇ ਨਾਲ ਹੀ ਸੰਬੰਧ ਰੱਖਦਾ ਹੈ। ਕੁਝ ਲੋਕਾਂ ਨੂੰ ਛੱਡ ਕੇ ਜ਼ਿਆਦਾਤਰ ਲੋਕ ਇਸ ਨੂੰ ਇਕ ਮੇਲੇ ਦੀ ਤਰ੍ਹਾਂ ਹੀ ਮਨਾਉਂਦੇ ਹਨ। ਪੰਜਾਬੀ ਲੋਕ-ਗੀਤ ਵਿੱਚ ਵੀ ਇਸ ਮੇਲੇ ਦਾ ਜ਼ਿਕਰ ਆਉਂਦਾ ਹੈ,
ਵਿਸਾਖੀ ਦਾ ਮੇਲਾ – ਵਿਸਾਖੀ ਦਾ ਮੇਲਾ ਮੇਲਿਆਂ ਦਾ ਸਿਰਤਾਜ ਮੇਲਾ ਅਖਵਾਉਂਦਾ ਹੈ। ਇਹ ਮੇਲਾ ਵਿਸਾਖ ਮਹੀਨੇ ਵਿਚ ਪੰਜਾਬ ਤਾਂਕੀ ਪੂਰੇ ਉੱਤਰ ਭਾਰਤ ਵਿਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੇਲੇ ਦਾ ਮੁੱਖ ਤੌਰ ਤੇ ਸੰਬੰਧ ਕਿਸਾਨਾਂ ਦੀ ਹਾੜੀ ਦੇ ਫ਼ਸਲ ਦੇ ਪੱਕਣ ਨਾਲ ਹੁੰਦਾ ਹੈ। ਕਿਸਾਨ ਜਦੋਂ ਕਣਕ ਦੀ ਪੱਕੀ ਹੋਈ ਫ਼ਸਲ ਨੂੰ ਦੇਖਦੇ ਹਨ ਤਾਂ ਬਹੁਤ ਖੁਸ਼ ਹੁੰਦੇ ਹਨ। ਉਹ ਢੋਲ-ਢਮਾਕਿਆਂ ਨਾਲ ਕਣਕ ਦੀ ਵਾਢੀ ਸ਼ੁਰੂ ਕਰਦੇ ਹਨ। ਇਸੇ ਲਈ ਧਨੀ ਰਾਮ ਚਾਤ੍ਰਿਕ ਨੇ ਆਪਣੀ ਕਵਿਤਾ ‘ਵਿਸਾਖੀ ਦਾ ਮੇਲਾ’ ਵਿਚ ਲਿਖਿਆ ਹੈ —
“ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਅਸਲ ਵਿਚ ਪੰਜਾਬ ਦੀ ਆਰਥਿਕਤਾ ਹੀ ਕਣਕ ਦੀ ਫ਼ਸਲ ਤੇ ਟਿਕੀ ਹੋਈ ਹੈ। ਇਸ ਕਰਕੇ ਹਰੇਕ ਧਰਮ ਦੇ ਲੋਕ ਇਸ ਮੇਲੇ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਉਹ ਸਭ ਤੋਂ ਪਹਿਲਾਂ ਤਲਾਬਾਂ, ਸਰੋਵਰਾਂ, ਨਦੀਆਂ ਦੇ ਕੰਢਿਆਂ ਤੇ ਜਾ ਕੇ ਇਸ਼ਨਾਨ ਕਰਦੇ ਹਨ, ਫਿਰ . ਮੰਦਰਾਂ, ਗੁਰਦੁਆਰਿਆਂ ਵਿਚ ਮੱਥਾ ਟੇਕਣ ਤੋਂ ਬਾਅਦ ਮੇਲੇ ਦਾ ਭਰਪੂਰ ਅਨੰਦ ਮਾਣਦੇ ਹਨ। ਖੂਬ ਭੰਗੜੇ-ਗਿੱਧੇ ਪੈਂਦੇ ਹਨ । ਕਬੱਡੀ ਦੇ ਮੈਚ ਅਤੇ ਕੁਸ਼ਤੀਆਂ ਹੁੰਦੀਆਂ ਹਨ।
ਜੇਠ ਮਹੀਨੇ ਦੇ ਤਿਓਹਾਰ – ਜੇਠ ਮਹੀਨੇ ਵਿਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਗੁਰਦੁਆਰਿਆਂ ਵਿਚ ਬੜੀ ਰੌਣਕ ਹੁੰਦੀ ਹੈ। ਇਸੇ ਮਹੀਨੇ ਹੀ ਨਿਰਜਲਾ ਇਕਾਦਸ਼ੀ ਦਾ ਵਰਤ ਰੱਖਿਆ ਜਾਂਦਾ ਹੈ ਤੇ ਸ਼ਰਧਾਲੂ ਠੰਢੇ-ਮਿੱਠੇ ਪਾਣੀ ਦੀਆਂ ਛਬੀਲਾਂ ਲਗਾ ਕੇ ਇਸ ਤਿਓਹਾਰ ਨੂੰ ਮਨਾਉਂਦੇ ਹਨ।
ਸਾਉਣ ਮਹੀਨੇ ਦੇ ਤਿਓਹਾਰ – ਸਾਉਣ ਮਹੀਨੇ ਤੀਆਂ ਦਾ ਤਿਓਹਾਰ ਜੋ ਕੁੜੀਆਂ ਅਤੇ ਨਵੀਆਂ ਵਿਆਹੀਆਂ ਵਹੁਟੀਆਂ ਦਾ ਅਖਵਾਉਂਦਾ ਹੈ, ਬਾਗਾਂ ਜਾਂ ਦਰੱਖਤਾਂ ਦੇ ਝੁੰਡ ਹੇਠ ਪੀਂਘਾਂ ਝੂਟ ਕੇ, ਗਿੱਧੇ ਪਾ ਕੇ ਮਨਾਇਆ ਜਾਂਦਾ ਹੈ। ਇਸ ਦਿਨ ਘਰਾਂ ਵਿਚ ਤਰ੍ਹਾਂ- ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਇਸੇ ਮਹੀਨੇ ਰੱਖੜੀ ਦਾ ਤਿਓਹਾਰ ਜੋ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੈ, ਆਉਂਦਾ ਹੈ। ਸਾਉਣ ਤੋਂ ਬਾਅਦ ‘ਭਾਦੋਂ’ ਦੇ ਮਹੀਨੇ ਗੁੱਗਾ ਨੌਵੀਂ ਦਾ ਤਿਓਹਾਰ ਆਉਂਦਾ ਹੈ। ਇਸ ਦਿਨ ਜ਼ਿਲ੍ਹੇ ਲੁਧਿਆਣੇ ਦੇ ਪਿੰਡ ਛਪਾਰ ਵਿਚ ‘ਛਪਾਰ ਦਾ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸੇ ਮਹੀਨੇ ਹੀ ਪੀਰਾਂ ਦੀਆਂ ਦਰਗਾਹਾਂ ‘ਤੇ ਮੇਲੇ ਲੱਗਦੇ ਹਨ।
ਅੱਸੂ ਅਤੇ ਕੱਤਕ ਮਹੀਨੇ ਦੇ ਤਿਓਹਾਰ ਤੇ ਮੇਲੇ – ਅੱਸੂ ਦੇ ਮਹੀਨੇ ਪਿਤਰਾਂ ਨੂੰ ਖੁਸ਼ ਕਰਨ ਲਈ ਘਰਾਂ ਵਿਚ ਸ਼ਰਾਧ ਕੀਤੇ ਜਾਂਦੇ ਹਨ। ਸ਼ਰਾਧਾਂ ਤੋਂ ਬਾਅਦ ਨਰਾਤੇ ਆਉਂਦੇ ਹਨ। ਰਾਤਾਂ ਨੂੰ ਰਾਮ-ਲੀਲ੍ਹਾ ਖੇਡੀ ਜਾਂਦੀ ਹੈ ਤੇ ਦਸਮੀ ਵਾਲੇ ਦਿਨ ਦੁਸਹਿਰੇ ਦਾ ਮੇਲਾ ਮਨਾਇਆ ਜਾਂਦਾ ਹੈ। ਇਸ ਤੋਂ ਬਾਅਦ ਕੱਤਕ ਦੇ ਮਹੀਨੇ ਸੁਗਾਣਾਂ ਦਾ ਤਿਓਹਾਰ ‘ਕਰਵਾ ਚੌਥ ਮਨਾਇਆ ਜਾਂਦਾ ਹੈ। ਕੱਤਕ ਦੇ ਮਹੀਨੇ ਹੀ ਦੀਵਾਲੀ ਦਾ ਤਿਓਹਾਰ ਪੂਰੇ ਦੇਸ਼ ਭਰ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਘਰਾਂ, ਦੁਕਾਨਾਂ, ਮੰਦਰਾਂ, ਗੁਰਦੁਆਰਿਆਂ ਵਿਚ ਖੂਬ ਦੀਪਮਾਲਾ ਕੀਤੀ ਜਾਂਦੀ ਹੈ। ਅੰਮ੍ਰਿਤਸਰ ਵਿਖੇ ਤਾਂ ਦੀਵਾਲੀ ਦਾ ਜਲੋਅ ਵੇਖਣ ਵਾਲਾ ਹੁੰਦਾ ਹੈ। ਇਸੇ ਮਹੀਨੇ ਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਜਾਂਦਾ ਹੈ। ਪੋਹ, ਮਾਘ, ਫੱਗਣ ਮਹੀਨੇ ਦੇ ਤਿਓਹਾਰ ਤੇ ਮੇਲੇ – ਪੋਹ ਦੇ ਮਹੀਨੇ ਖੁਸ਼ੀਆਂ ਦਾ ਤਿਓਹਾਰ ਲੋਹੜੀ ਆਉਂਦਾ ਹੈ। ਮਾਘ ਮਹੀਨੇ ਮਾਘੀ ਦਾ ਤਿਓਹਾਰ ਬੜੀ ਧੂਮ-ਧਾਮ ਨਾਲ ਮੇਲੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ‘ਮੁਕਤਸਰ ਦੀ ਮਾਘੀ ਬਹੁਤ ਪ੍ਰਸਿੱਧ ਹੈ।
ਸਾਰੰਸ਼ – ਸਮੁੱਚੇ ਰੂਪ ਵਿਚ ਇਹ ਕਹਿ ਸਕਦੇ ਹਾਂ ਕਿ ਪੰਜਾਬ ਵਿਚ ਮੇਲਿਆਂ ਅਤੇ ਤਿਓਹਾਰਾਂ ਦਾ ਕਾਫ਼ਲਾ ਸਾਲ ਭਰ ਚੱਲਦਾ ਹੀ ਰਹਿੰਦਾ ਹੈ। ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਇੰਨੇ ਮੇਲੇ ਹੋਣ ਦੇ ਬਾਵਜੂਦ ਵੀ ਪੰਜਾਬੀਆਂ ਦਾ ਉਤਸ਼ਾਹ ਘੱਟ ਵੇਖਣ ਨੂੰ ਨਹੀਂ ਮਿਲਦਾ। ਖ਼ਾਸੀਅਤ ਇਹ ਹੈ ਇਥੇ ਸਭ ਧਰਮਾਂ ਦੇ ਲੋਕ, ਸਭ ਮੇਲੇ ਤੇ ਤਿਓਹਾਰਾਂ ਨੂੰ ਆਪਣਾ ਸਮਝ ਕੇ ਮਨਾਉਂਦੇ ਹਨ।